JNV ਬੜਿੰਗ ਖੇੜਾ ਦਾ ਹਵਾਈ ਨਕਸ਼ਾ


ਜਵਾਹਰ ਨਵੋਦਿਆ ਵਿਦਿਆਲਿਆ ਬੜਿੰਗ ਖੇੜਾ (ਮੁਕਤਸਰ)

Thanks To Google Maps.

Visit http://maps.google.co.in/ and just type JNV Bring Khera in search bar,

ਨਾਮ ਰੱਬ ਦਾ ਲਈਏ ਭਗਤੋ, ਲੱਗਦੇ ਨਹੀਂ ਰੁਪਈਏ ਭਗਤੋ


JNV ਬੜਿੰਗ ਖੇੜਾ ਦੇ Campus 'ਚ ਸ਼੍ਰੀ ਅਖੰਡ ਪਾਠ ਪ੍ਰਕਾਸ਼ ਵੇਲੇ ਦੀ ਤਸਵੀਰ।


ਸਾਡੇ ਵਿਦਿਆਲਿਆ ਦੀ ਇੱਕ ਹੋਰ ਖੂਬੀ ਇਹ ਹੈ ਕਿ ਇੱਥੇ ਸਭ ਲੋਕ ਰਲ ਕੇ ਰਹਿੰਦੇ ਹਨ, ਹਰ ਧਾਰਮਿਕ ਤਿਉਹਾਰ ਰਲ ਕੇ ਮਨਾਉਂਦੇ ਹਨ ਤੇ ਹਰ ਧਾਰਮਿਕ ਰੀਤੀ ਰਿਵਾਜ਼ ਰਲਕੇ ਨਿਭਾਉਂਦੇ ਹਨ।

ਟਾਹਣੀਓਂ ਟੁੱਟੇ ਫੁੱਲ

ਸਰਬਜੀਤ ਸਿੰਘ ਉਰਫ ਸਰਬਾ, ਨਵੋਦਿਆ ਵਿਦਿਆਲਿਆ ਦਾ ਇੱਕ ਪੁਰਾਣਾ ਵਿਦਿਆਰਥੀ। ਬਾਈ ਦਾ ਪਿੰਡ ਮਾਣੂਕੇ ਗਿੱਲ। ਨਵੋਦਿਆ 'ਚ ਪੜ੍ਹਿਆ, ਲਿਖਿਆ, ਖੇਡਿਆ ਤੇ ਜਵਾਨ ਹੋਇਆ। ਪਰ ਰੱਬ ਦੀ ਮਰਜ਼ੀ, ਡਾਢੇ ਨੇ ਸਾਡੇ ਵੀਰ ਨੂੰ ਸਾਡੇ ਤੋਂ ਖੋ ਲਿਆ, ਐਕਸੀਡੈਂਟ ਦਾ ਬਹਾਨਾ ਬਣਾ ਕੇ। ਮਾਪੇ ਕਿਵੇਂ ਭੁਲਾਉਣਗੇ ਉਹ 1 ਫਰਵਰੀ 2009 ਵਾਲੀ ਰਾਤ ਜਿਹੜੀ ਉਹਨਾਂ ਤੋਂ ਉਹਨਾਂ ਦਾ ਚੰਨ ਵਰਗਾ ਪੁੱਤਰ ਖੋ ਕੇ ਲੈ ਗਈ।


Please Join Community dedicated To Late Sarbjeet Singh Sarba on Orkut
http://www.orkut.co.in/Main#Community.aspx?cmm=93682562

6 ਦਸੰਬਰ 2009 ਨੂੰ ਬੜਿੰਗ ਖੇੜੇ ਜਰੂਰ ਪਹੁੰਚਿਓ ਵਹੀਰਾਂ ਘੱਤ ਕੇ,

ਸਤਿਕਾਰਯੋਗ ਤੇ ਪਿਆਰੇ ਨਵੋਦਿਅਨ ਸਾਥੀਓ,

ਕੀ ਹਾਲ ਨੇ?

ਵੈਸੇ ਉਮੀਦ ਹੈ ਕਿ ਨਵੋਦਿਅਨ ਜਿੱਥੇ ਵੀ ਹੋਣਗੇ ਐਸ਼ ਕਰਦੇ ਹੋਣਗੇ। ਬਹੁਤਿਆਂ ਨੇ ਤਾਂ ਆਪਣੀਆਂ ਮੰਜ਼ਿਲਾਂ ਲੱਭ ਲਈਆਂ ਕੁਝ ਕੁ ਵਿਹਲੇ ਫਿਰਦੇ ਹੋਣਗੇ।

ਪਿਛਲੇ ਦਿਨੀ ਮੇਰੀ, ਮੇਰੇ Seniors ਨਾਲ ਗੱਲ ਹੋਈ, ਉਹ ਬਾਈ ਵੀ ਆਪਣੇ ਵਾਂਗੂੰ ਨਵੋਦਿਆ ਨੂੰ ਓਦਰੇ ਪਏ ਨੇ, ਪੁਰਾਣੀਆਂ ਗੱਲਾਂ ਚੱਲ ਪਈਆਂ ਸਕੀਮ ਬਣੀ ਕਿ ਬੜਿੰਗ ਖੇੜੇ ਵੀ ਗੇੜਾ ਮਾਰ ਆਈਏ। ਬੱਸ ਗੱਲ ਕਰਨ ਦੀ ਦੇਰ ਸੀ ਸਾਰੇ ਕਾਹਲੇ ਪੈ ਗਏ। ਜੱਜਬੀਰ ਬਾਈ ਨੇ ਕਰ ਕਰਾ ਕੇ ਏਸੇ ਸਾਲ ਦੇ ਦਸੰਬਰ ਮਹੀਨੇ ਦੇ ਪਹਿਲੇ ਹਫਤੇ ਦਾ ਪਰੋਗ੍ਰਾਮ ਸੈੱਟ ਕਰਤਾ। ਬਾਈ ਜੱਜਬੀਰ ਅੱਜ-ਕੱਲ੍ਹ ਆਸਟਰੇ਼ਲੀਆਂ ਰਹਿੰਦੇ ਨੇ ਉਹਨਾਂ ਨੇ ਆ ਜਾਣਾ ਵਾਪਿਸ ਦਸੰਬਰ ਮਹੀਨੇ ਦੇ ਨੇੜੇ। ਹੁਣ ਵੱਡੇ ਵੀਰਾਂ ਨੇ duty ਲਗਾਤੀ ਮੇਰੀ ਕਿ ਜਾਪੀ ਸਿੰਹਾਂ ਹੁਣ JNV ਵਾਲਿਆਂ ਨੂੰ 'ਕੱਠੇ ਤੂੰ ਕਰਨਾ।


ਮੈਨੂੰ ਪਤਾ ਕਿ ਆਪਣੇ ਚੋਂ ਬਹੁਤ ਸਾਰੇ ਨੌਕਰੀਆਂ ਲੱਗ ਗਏ, ਬਹੁਤ ਵਲੈਤਾਂ ਨੂੰ ਚਲੇ ਗਏ (ਵਲੈਤੀਏ ਤਾਂ ਆ ਨਹੀਂ ਸਕਦੇ)। ਮੇਰੀ ਸਭ ਨੂੰ ਅਪੀਲ ਹੈ ਕੇ ਵੀਰ ਜੀ, ਭੈਣ ਜੀ ਆਪਾਂ 6 ਦਸੰਬਰ 2009 ਨੂੰ ਬੜਿੰਗ ਖੇੜੇ, ਆਪਣੇ ਸਕੂਲ ਜਰੂਰ ਜਾਣਾ। ਕਈ ਯਾਰਾਂ ਦੋਸਤਾਂ ਨੇ ਹਾਮੀ ਭਰ ਦਿੱਤੀ ਹੈ, ਕੁੜੀਆਂ ਵੀ ਤਿਆਰ ਨੇ (ਬੇਸ਼ੱਕ ਉਹ ਹੁਣ ਪੇਕੇ ਨੇ ਜਾਂ ਸਹੁਰੇ ਨੇ)। ਐਤਕੀਂ ਆਪਾਂ ਉਹ ਰੰਗ ਬੰਨਣੇ ਨੇ ਜੋ ਸ਼ਾਇਦ ਹੀ ਕਿਸੇ Alumni Meet ਤੇ ਬੰਨੇ ਗਏ ਹੋਣ, ਕੁਝ ਨਾ ਕੁਝ ਬੋਲਣਾ, ਗਾਉਣਾ ਜਾਂ ਨੱਚਣਾ ਜਰੂਰ ਹੈ ਸਾਰਿਆ ਨੇ। ਐਨਾ ਕੁ ਤੁਸੀਂ ਕਰ ਲਿਓ ਬਾਕੀ ਸਾਰਾ ਪ੍ਰਬੰਧ ਜੱਜਬੀਰ ਬਾਈ ਹੋਰੀਂ ਕਰਨਗੇ।
ਇਹ ਨਾ ਸੋਚਿਓ ਕਿ ਯਾਰ ਆਪਾਂ ਨਾਲ ਦੇ ਕਈ ਜਾਣਿਆਂ ਨੂੰ ਮਿਲ ਤਾਂ ਲੈਂਦੇ ਹਾ।

ਆਪਾਂ ਨੂੰ ਬਹੁਤੇ ਦੋਸਤ ਮਿਲਦੇ ਰਹਿੰਦੇ ਨੇ ਪਰ ਸਾਰੇ ਤਾਂ ਨਹੀਂ ਨਾ। ਜਿਹੜੇ ਯਾਰ ਬੇਲੀਆਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਦੱਸ ਦਿਓ।

ਮੰਨ ਲਓ ਕਿਸੇ ਦਾ ਵਿਆਹ ਜਾਂ ਕੋਈ ਅਜਿਹਾ ਪਰੋਗ੍ਰਾਮ ਇਸ ਦਿਨ ਆ ਜਾਂਦਾ ਤਾਂ ਆਵਦਾ ਪਹਿਲਾਂ ਹੀ ਇੰਤਜ਼ਾਮ ਕਰ ਲਿਓ, ਤੁਹਾਡਾ ਵਿਆਹ ਭਲਾਂ ਦੀ ਦੇਰੀ ਨਾਲ ਹੋਜੇ ਜਾਵੇ ਪਰ ਨਵੋਦਿਆ ਜਾਣ ਵਾਲਾ ਪਰੋਗ੍ਰਾਮ ਨਹੀਂ ਟਲਣਾ ਚਾਹੀਦਾ।
ਕਿਸੇ ਦਾ ਕੋਈ ਬਹਾਨਾ ਨਹੀਂ ਚੱਲਣਾ, ਉਸ ਦਿਨ ਐਤਵਾਰ ਹੈ।


"ਖਿੱਚਲੋ ਤਿਆਰੀ, ਐਤਵਾਰ ਦੀ ਛੁੱਟੀ ਸਰਕਾਰੀ।"
ਇਹ ਗੱਲ ਮੈਂ ਤਿੰਨ ਮਹੀਨੇ ਪਹਿਲਾਂ ਇਸ ਲਈ ਦੱਸੀ ਹੈ ਕਿ ਬਾਅਦ 'ਚ ਕੋਈ
ਬਹਾਨਾ ਨਾ ਬਣਾਵੇ "ਯਾਰ ਪਹਿਲਾਂ ਨਹੀਂ ਦੱਸਿਆ"। ਵੈਸੇ ਮੈਨੂੰ ਪਤਾ ਕਿਸੇ ਨੇ ਨਾਂਹ ਨਹੀਂ ਕਰਨੀ। ਪਰ ਜਿਸਨੇ ਇੱਕ ਵਾਰ ਹਾਂ ਕਰਤੀ ਬੱਸ.... ਮੇਰੀ ਗੱਲ ਸੁਣਲੋ ਮੈਂ ਸਾਰਿਆਂ ਨੂੰ ਘਰੋਂ ਕੱਢ ਲਿਆਉਣਾ। ਇਸਨੂੰ ਮੇਰੀ Warning ਸਮਝ ਲਵੋਂ ਤਾਂ ਸ਼ਾਇਦ ਚੰਗੇ ਰਹੋਂ।
ਯਾਦ ਰੱਖਿਓ ਆਪਾਂ 6 ਦਸੰਬਰ 2009 ਨੂੰ ਬੜਿੰਗ ਖੇੜੇ, ਆਪਣੇ ਸਕੂਲ ਜਰੂਰ ਜਾਣਾ।

ਬੋਤੀ ਦੇ ਪੰਗੇ

ਹਰਦੀਪ ਸਿੰਘ ਜਿਸਨੂੰ ਅਸੀਂ ਪਿਆਰ ਨਾਲ ਬੋਤੀ ਕਹਿੰਦੇ ਹੁੰਦੇ ਸੀ, ਬਾਈ ਦੇ ਸ਼ਰਾਰਤੀ ਦਿਮਾਗ ਚੋਂ ਇੱਕ ਰਚਨਾ ਉਪਜੀ ਹੈ, ਗੌਰ ਫੁਰਮਾਇਓ

ਜੱਸੀ ਤੇ ਸੁਨੀਲ ਲੱਗ ਗਏ ਮਾਸਟਰ,
ਜਾਪੀ ਵੀ ਮਾਸਟਰੀ ਕਰਦਾ,

ਬੰਤਾ ਕਰੇ ਬਾਪੂ ਦੇ ਸਿਰ ਤੇ ਐਸ਼,
ਬੋਤੀ ਬੀ.ਏ 'ਚ ਪੜ੍ਹਦਾ,

ਜਗਜੀਤ ਬਾਈ ਪਾਉਂਦਾ ਤਰੀਕਾਂ, (Court)
ਗੁਲਾਬ ਪਸ਼ੂਆਂ ਦੇ ਟੀਕੇ ਧਰਦਾ, (Vet)

ਜਸਪ੍ਰੀਤ ਗੱਟੂ ਬਣਿਆ ਬੈਂਕ ਮੈਨੇਜਰ,
ਕਰਜ਼ੇ ਮਨਜ਼ੂਰ ਕਰਦਾ,

ਕਮਲਦੀਪ ਖੇਤੀਬਾੜੀ ਦਾ ਡਾਕਟਰ,
ਕਟਾਰੀਆ ਕੈਮਿਸਟ ਦੀ ਦੁਕਾਨ ਕਰਦਾ,

ਨਿਰਵੈਰ ਕਰੇ ਸੈਰ ਪਾਣੀਆਂ ਦੀ,
ਸੋਨੂੰ ਵੀ ਸਮੁੰਦਰ ਤਰਦਾ, (Navy Men)

ਬਿੱਲਾ, ਬਲਕਾਰਾ ਫੌਜੀ ਬਣ ਗਏ,
ਘੁੰਮਣ ਵੀ ਪਰੇਡ ਕਰਦਾ,

ਸ਼ਨੀ ਤੇ ਜਗਤਾਰ ਵੇਹਲੇ ਫਿਰਦੇ,
ਹਰਪਿੰਦਰ ਤੋਤਾ ਪਤਾ ਨਹੀਂ ਕੀ ਕਰਦਾ।



ਬੋਤੀ ਬਾਈ ਨੇ ਸਾਡੇ ਨਵੋਦਿਅਨ ਯਾਰ ਬੇਲੀਆ ਦੀ ਮੌਜ਼ੂਦਾ ਸਥਿਤੀ ਨੂੰ ਕਲਮਬੱਧ ਕਰਤਾ, ਧੰਨਵਾਦ ਬੋਤੀ ਵੀਰ।

MP Hall, Stage


ਇਹ ਨਵੋਦਿਆ ਦੀ ਸਟੇਜ, ਇਸ ਸਟੇਜ ਤੇ ਹਰ ਤਰ੍ਹਾਂ ਦੀ ਕਲਾ ਦਾ ਪ੍ਰਦਰਸ਼ਨ ਹੁੰਦਾ ਸੀ, ਨਵੋਦਿਆ ਦੀ ਸਟੇਜ ਜਿਸਨੇ ਕਈਆਂ ਨੂੰ Performer ਬਣਾ ਦਿਤਾ, ਅਸੀਂ ਨੀਲਗਿਰੀ ਹਾਊਸ ਵਾਲਿਆਂ ਨੇ ਇੱਕ ਹਾਸਰਸ ਸਕਿੱਟ ਪੇਸ਼ ਕੀਤਾ ਸੀ, ਸੱਚ ਮੰਨਿਓ ਇੰਨਾ ਮਕਬੂਲ ਹੋਇਆ ਕਿ ਪਾਤਰਾਂ ਦੇ ਜੋ-ਜੋ ਨਾਮ ਸਕਿੱਟ ਵਿੱਚ ਸਨ ਉਹ ਉਹਨਾਂ ਦੇ ਨਾਵਾਂ ਦੇ ਨਾਲ ਜੁੜ ਗਏ, ਖਾਸ ਕਰਕੇ ਮੱਖਣ ਪੰਜਾਵੇ ਵਾਲੇ ਦਾ ਨਾਮ 'ਮੱਡੀ' ਪੈ ਗਿਆ ਸੀ।
ਲੋਪੋਂ, ਧੰਨੇ, ਜਸਵੀਰ ਬਾਈ ਹੋਰਾਂ ਦੀ ਪੰਜਾਬੀ ਗੀਤਾਂ ਵਾਲੀ 'ਅਧੁਨਿਕ ਰਾਮਾਇਣ' ਅੱਜ ਵੀ ਯਾਦ ਹੈ.. 'ਤੇਰੀ ਭਿੱਜ ਗਈ ਕੁੜਤੀ ਲਾਲ.. ਤੇ 'ਜਾਹ ਵੇ ਜਾਣ ਵਾਲਿਆ' ਵੀ।
ਸ਼ਨੀ. ਮੰਗਤ, ਬਿੱਲੇ ਹੋਰਾਂ ਦਾ ਡਾਂਸ, ਖਾਸ ਕਰਕੇ ਮਰੇ ਸਹਿ ਪਾਠੀ ਇੱਕ ਡਾਂਸ ਕਰਦੇ ਹੁੰਦੇ ਸੀ ਜਿਸਨੂੰ 'ਭੀਲ ਡਾਂਸ' ਕਹਿੰਦੇ ਹੁੰਦੇ ਸੀ। ਸਾਰੇ ਮੇਰੇ ਵੀਰ (ਮੇਰੇ ਤੋਂ ਬਿਨ੍ਹਾਂ) ਪੱਤੇ ਬੰਨ ਕੇ, ਕਾਲਾ ਪੇਂਟ ਮਲ ਕੇ (ਘੁੰਮਣ ਨੂੰ ਲੋੜ ਨਹੀਂ ਪੈਂਦੀ ਸੀ ਕਾਲੇ ਪੇਂਟ ਦੀ, ਮੇਰਾ ਬਾਈ ਤਾਂ ਕੋਕ ਵਰਗਾ ਸੀ)ਕੈਂਗੋ ਦੀ ਥਾਪ ਤੇ ਹਈਆ-ਹੂ, ਹਈਆ-ਹੂ ਕਰਦੇ ਤੇ ਜੰਗਲੀਆਂ ਵਾਂਗੂੰ ਨੱਚਦੇ।

ਉਪਰੋਕਤ ਤਸਵੀਰ ਸਾਡੇ ਜੁਨੀਅਰ ਵੀਰਾਂ ਦੀ ਹੈ, ਇਹ ਤਸਵੀਰ ਕਲੱਸਟਰ ਵਾਲੇ ਦਿਨਾਂ ਦੀ ਹੈ, ਨੌਜਵਾਨਾਂ ਨੇ "ਜੱਟ ਮੌਜਾਂ ਕਰਦਾ ਏ" ਵਾਲੇ ਗਾਣੇ ਤੇ ਭੰਗੜਾ ਪਾਇਆ ਸੀ, ਵੈਸ ਨਵੋਦਿਆ 'ਚ ਤਾਂ ਸਾਰੇ ਹੀ ਮੌਜਾਂ ਕਰਦੇ ਸੀ। ਤਸਵੀਰ ਵਿੱਚ ਗੁਰਵੰਤ (ਗੋਲੂ ਡੌਨ), ਗੁਰਜੀਤ, ਨੇਪਾਲੀ, ਸੀਤਾ ਰਾਮ ਤੇ ਚੰਚਲ ਨਜ਼ਰ ਆ ਰਹੇ ਹਨ। ਇਹ ਵੀਰ ਖੱਪ ਪਾਉਣ 'ਚ ਮੋਹਰੀ ਸਨ।

ਕਿੰਨੇ ਚੰਗੇ ਦਿਨ ਸੀ ਉਹ ਕਿੰਨੇ ਚੰਗੇ ਦਿਨ ਸੀ...


ਨੀ ਆਪਾਂ ਖਾਵਾਂਗੇ ਜਲੇਬੀਆਂ ਤੱਤੀਆਂ,
ਘਿਓ ਵਿੱਚ  ਪੱਕੀਆਂ,
ਲਿਫਾਫੇ ਵਿੱਚੋਂ ਕੱਢ ਕੱਢ ਕੇ.....

Academic Block

'ਆਓ ਜੀ, ਜੀ ਆਇਆਂ ਨੂੰ' ਕਹਿ ਰਿਹਾ ਹੈ ਵਿਦਿਆਲਿਆ ਦਾ ਮੁੱਖ ਦਰਵਾਜ਼ਾ।

ਤਸਵੀਰਾਂ: - 1994 - 2001 Batch

Juniors With Seniors: (ਨਾਮ ਯਾਦ ਨਹੀਂ)Singh, Davinder Bhoondar, Gatwali, Jagseer, Jappi Singh Brar, Huddu and Jastinder.

ਤਸਵੀਰਾਂ: - 1994 - 2001 Batch

Teachers' Day Celebration ਚਰਨਜੀਤ ਕੌਰ ਜਟਾਣਾ ਅਧਿਅਪਕ ਦਿਵਸ ਦੇ ਮੌਕੇ ਤੇ ਆਪਣੀ ਹੀ ਕਲਾਸ ਨੂੰ ਪੜ੍ਹਾਉਂਦੇ ਹੋਏ। ਸਾਰਾ ਸਕੂਲ ਭੈਣ ਕਹਿੰਦਾ ਹੁੰਦਾ ਸੀ ਚਰਨਜੀਤ ਨੂੰ।

Where Are You 'Bhaine'??? ਜੇ ਚਰਨਜੀਤ ਕੌਰ ਬਾਰੇ ਤੁਹਾਡੇ ਕੋਲ ਕੋਈ ਵੀ info ਹੈ ਤਾਂ ਜਰੂਰ ਦੱਸਿਓ।

ਤਸਵੀਰਾਂ: - 1994 - 2001 Batch


1994 - 2001 Batch, ਇਹ ਫੋਟੋ ਸ਼ਾਇਦ 1998 ਦੀ ਹੈ।

ਤਸਵੀਰਾਂ: - 1994 - 2001 Batch


ਜੇ ਕਿਸੇ ਨੇ ਜ਼ਿੰਦਗੀ ਦੇ ਰੰਗ ਮਾਨਣੇ ਤਾਂ ਹੋਸਟਲ ਦੀ ਜ਼ਿੰਦਗੀ ਜਰੂਰ ਜੀ ਕੇ ਦੇਖੇ। ਸਾਡਾ ਹੋਸਟਲ, ਹੋਸਟਲ ਦੇ ਕਮਰੇ, ਹੋਸਟਲ ਦੀ ਛੱਤ ਕੁਝ ਵੀ ਤਾਂ ਨਹੀਂ ਭੁੱਲੇ। ਸਾਰਿਆਂ ਨੇ ਆਪਣੇ ਆਪਣੇ ਕਮਰੇ ਦੇ ਅਵੱਲੇ ਜਿਹੇ ਨਾਮ ਰੱਖੇ ਹੁੰਦੇ ਜਿਵੇਂ ਕੇ 'ਕੁੱਲੀ ਫਕੀਰਾਂ ਦੀ','ਚੌਂਕੀ ਮਿੱਤਰਾਂ ਦੀ' ਆਦਿ। ਹੋਸਟਲ ਦੀ ਛੱਤ ਤੇ ਚੜ੍ਹਕੇ ਦੂਸਰੇ ਹਾਊਸ ਵਾਲਿਆਂ ਨਾਲ ਅੰਤਾਖਸ਼ਰੀ ਖੇਡਦੇ ਹੁੰਦੇ ਸੀ।

"ਨੀਲਗਿਰੀ ਦੇ ਵਿਹਲੜ ਬੰਦੇ ਸਾਰੇ ਨੀ,
ਸੱਸੀ, ਗੈਂਡਾ, ਘੱਚੋ, ਜੰਟਾ ਤੇ ਸੋਨੂੰ ਮੁਟਿਆਰੇ ਨੀ,
ਯੱਕੂ, ਘੁੰਮਣ ਰੂਮ 'ਚ ਹੈਨੀ,
ਡਰ ਨਹੀਂ ਜਾਪੀ ਸ਼ੇਖ ਦਾ...

ਤੱਕੀਏ ਪੈਂਦੀ ਬਾਜ਼ੀ ਵੇ ਤੂੰ ਬਾਜ਼ੀ ਕਿਉਂ ਨਹੀਂ ਦੇਖਦਾ।"

ਤਸਵੀਰਾਂ: - 1994 - 2001 Batch

ਘਰ ਦੀਆਂ ਪੱਕੀਆਂ ਜਦ ਵੀ ਮਾਂਵਾਂ ਮੂੰਹ ਵਿੱਚ ਪਾਉਣਗੀਆਂ.., ਮੈੱਸ ਦੀਆਂ ਉਹ ਰੁੱਖੀਆਂ-ਮਿੱਸੀਆਂ ਚੇਤੇ ਆਉਣਗੀਆਂ।
ਉਹਨਾਂ ਵੇਲਿਆ 'ਚ ਰੋਟੀਆਂ ਗਿਣ ਕੇ ਨਹੀਂ ਚਿਣ ਕੇ ਖਾਂਦੇ ਹੁੰਦੇ ਸੀ। ਪਲੇਟਾਂ ਧੋਣ ਤੋਂ ਜਨਤਾ ਬਹੁਤ ਟਲਦੀ ਸੀ, ਇੱਕ ਪਲੇਟ 'ਚ ਪੰਜ-ਪੰਜ ਜਾਣੇ ਵੀ ਫੁਲਕੇ ਛਕ ਲੈਂਦੇ ਸੀ। ਜਿਸ ਦਿਨ ਕਾਲੀ ਦਾਲ ਜਾਂ ਵੜੀਆਂ ਵਗੈਰਾ ਮਿਲਣੀਆਂ ਜਨਤਾ ਨੇ ਸਟਰਾਈਕ ਕਰ ਦੇਣੀ, ਪਰ ਮਿੱਤਰੋ ਹੁਣ ਤਾਂ ਖਾਣੀ ਪੈਂਦੀ। ਹੁਣ ਨਹੀਂ ਲੱਭਣੇ ਨਵੋਦਿਆ ਦੇ ਨਜ਼ਾਰੇ। ਮੇਰੀ ਗੱਲ ਨਾਲ ਕੋਈ ਜਲਦੀ ਸਹਿਮਤ ਹੋਵੇ ਜਾਂ ਨਾ ਹੋਵੇ ਪਰ ਬਾਈ ਜੀ ਨਵੋਦਿਆ ਦਾ ਸਰਕਾਰੀ ਲੰਗਰ ਸਵਾਦ ਬਹੁਤ ਲੱਗਦਾ ਸੀ। ਹੁਣ ਜਿੱਥੇ ਚਾਰ ਪੰਜ ਪਰਸ਼ਾਦੇ ਛਕ ਕੇ ਢਿੱਡ ਭਰ ਜਾਂਦਾ ਉੱਥੇ ਤਾਂ ਦਸ-ਬਾਰ੍ਹਾਂ ਖਾ ਕੇ ਵੀ ਦੋਬਾਰਾ ਲਾਈਨ 'ਚ ਲੱਗ ਜਾਂਦੇ ਸੀ।
ਸਵੇਰ ਦੇ ਵੇਲੇ ਪਰੌਂਠੇ ਗਿਣਤੀ ਦੇ ਮਿਲਦੇ ਸੀ, ਪਰ ਦੋਬਾਰਾ ਲਾਈਨ 'ਚ ਲੱਗ ਕੇ ਛੱਕਣਾ ਵੀ ਇੱਕ ਰੋਜ਼ਮਰਾ ਦਾ ਕੰਮ ਬਣ ਗਿਆ ਸੀ ਜਿਸਨੂੰ ਉਸ ਵਕਤ Doubling ਕਹਿੰਦੇ ਹੁੰਦੇ ਸੀ।

ਤਸਵੀਰਾਂ: - 1994 - 2001 Batch


ਸਕੂਲ ਦੇ ਵੇਲਿਆ 'ਚ ਮਾਸਟਰਾਂ ਤੋਂ ਚੋਰੀ ਚੋਰੀ ਸਕੂਲ ਦੀ ਕੰਧ ਟੱਪ ਕੇ, ਬਾਹਰ ਖੇਤਾਂ 'ਚ ਜਾਣਾ ਹਾਲੇ ਤੱਕ ਨਹੀਂ ਭੁੱਲਦਾ। ਕਿਸਾਨਾਂ ਦੇ ਖੇਤਾਂ ਚੋਂ ਖੱਖੜੀਆਂ, ਗਾਜਰਾਂ, ਮੂਲੀਆਂ, ਬਾਗ ਚੋਂ ਮੁਸੰਮੀਆਂ ਲਿਆਉਣੀਆ, ਜੇ ਮਾਸਟਰਾਂ ਨੂੰ ਪਤਾ ਲੱਗ ਜਾਣਾ ਤਾਂ ਕੁੱਟ ਵੀ ਬਹੁਤ ਪੈਂਦੀ ਸੀ। ਇੱਕ ਵਾਰੀ ਬਲਰਾਜ ਯੱਕੂ ਦੇ ਮਾਸਟਰਾਂ ਤੋਂ ਬਹੁਤ ਕੁੱਟ ਪਈ ਸੀ, ਮੈਨੂੰ ਲੱਗਦਾ ਕਿ ਉਹ ਹੁਣ ਵੀ ਗਾਜਰਾਂ ਦੀ ਸ਼ਬਜ਼ੀ ਖਾਣ ਤੋਂ ਡਰਦਾ ਹੋਣਾ। ਇਹ ਤਸਵੀਰ ਵੀ ਉਹਨਾਂ ਵੇਲਿਆਂ ਦੀ ਹੈ, ਫੋਟੋ ਤਾਂ ਇਸ ਤਰ੍ਹਾਂ ਖਿਚਵਾਈ ਏ ਜਿਵੇਂ ਮਾਂ ਦੇ ਪੁੱਤ ਸਾਰੇ ਹੀ ਸਿਰੇ ਦੇ ਸਾਊ ਤੇ ਭੋਲੇ ਹੋਣ। ਨਵੋਦਿਆ ਵਾਲਿਓ ਤੁਸੀਂ ਤਾਂ ਸਭ ਜਾਣਦੇ ਹੋ ਬਾਈ ਕੀ ਗੁੱਝਿਆ। ਦਿਨ ਪਹਿਲਾਂ ਵਾਲੇ ਚੰਗੇ ਸੀ....., ਦਿਨ ਪਹਿਲਾਂ ਵਾਲੇ ਚੰਗੇ ਸੀ।

ਤਸਵੀਰਾਂ: - 1994 - 2001 Batch


ਸਵੇਰ ਦੀ ਸਭਾ (Morning Assembly) ਅੱਗੇ ਖੜ੍ਹੇ ਹਨ ਬਾਈ ਜੱਜਬੀਰ ਸਿੰਘ ਸਾਡੇ ਸਕੂਲ ਕੈਪਟਨ।

ਤਸਵੀਰਾਂ: - 1994 - 2001 Batch



ਫਰਵਰੀ 2001 ਵਿਦਾਇਗੀ ਪਾਰਟੀ, ਨਾਲ ਖੜ੍ਹੇ ਹਨ ਸ਼੍ਰੀ ਅਰੁਣ ਕੁਮਾਰ ਤੇ ਮੈਡਮ ਕਵਿਤਾ ਸਿੰਘ (ਮਾਸੀ ਜੀ ਕਹਿੰਦੇ ਹੁੰਦੇ ਸੀ ਅਸੀਂ)




ਫਰਵਰੀ 2001 ਵਿਦਾਇਗੀ ਪਾਰਟੀ,

ਤਸਵੀਰਾਂ: - 1994 - 2001 Batch


ਹੋਲੀ ਦੇ ਰੰਗ Colors Of Life : Holi ਅਨੁਰਾਗ ਯਾਦਵ ਸਰ ਦੇ ਨਾਲ ਵਿਦਿਆਰਥੀ - ਅਧਿਆਪਕ-ਵਿਦਿਆਰਥੀ ਮਿਲ ਕੇ ਹੋਲੀ ਖੇਡਦੇ ਹੁੰਦੇ ਸੀ। ਸਰਕਾਰੀ ਰੰਗ ਹੁੰਦੇ ਸੀ, ਜਨਤਾ ਨੇ ਕਲਾਸ ਰੂਮ 'ਚ ਨੀਲੀ ਸਿਆਹੀ ਵਾਲੀਆਂ ਬੋਤਲਾਂ ਵੀ ਨਾ ਛੱਡਣੀਆਂ। ਜਿਹੜਾ ਰੰਗ ਤੋਂ ਬਚਣ ਦੀ ਕੋਸ਼ਿਸ ਕਰਦਾ ਹੁੰਦਾ ਸੀ ਉਸ ਨੂੰ ਜਿਆਦਾ ਰੰਗਦੇ ਹੁੰਦੇ ਸੀ, ਮਜ਼ਾ ਹੀ ਫਿਰ ਆਉਂਦਾ ਸੀ। ਹੋਲੀ ਤੋਂ ਅਗਲੇ ਦਿਨ ਤੱਕ ਵੀ ਜਨਤਾ ਦੇ ਚਿਹਰੇ ਲਾਲ-ਗੁਲਾਬੀ-ਨੀਲੇ ਰਹਿੰਦੇ ਹੁੰਦੇ ਸੀ।
ਹੁਣ ਕੌਣ ਮਨਾਉਂਦਾ ਹੋਲੀ ਬਾਈ ਜੀ, ਅਸੀਂ ਅਧੁਨਿਕ ਹੋ ਗਏ ਹਾਂ, ਮਾਂ ਦੇ ਲਾਡਲੇ। ਹੈ ਨਾ?

ਤਸਵੀਰਾਂ: - 1994 - 2001 Batch


Class Monitors With Staff ਸ਼੍ਰੇਣੀ ਮਾਨੀਟਰ ਤੇ ਸਟਾਫ

ਸਨਮਾਨਯੋਗ ਸਟਾਫ: ਭਗਵਤੀ ਸਵਰੂਪ ਅੱਗਰਵਾਲ ਸਰ, ਹਰਿੰਦਰਜੀਤ ਸਿੰਘ ਗਰਚਾ ਸਰ, ਸੰਤੋਸ਼ ਕੁਮਾਰੀ ਮੈਡਮ (ਦੱਰੇ), ਐੱਮ ਚਲੇੱਪਾ ਸਰ, ਜਵਾਲਾ ਸਿੰਘ ਸਰ, ਅਨਿਲ ਕੁਮਾਰ ਸਿੰਘ ਸਰ, ਅਸ਼ਵਨੀ ਸਰ,ਰਾਜੇਸ਼ ਕੁਮਾਰ ਲੋਪੋਂ ਸਰ।

ਇਹਨਾਂ ਤੋਂ ਇਲਾਵਾ Non-Teaching Staff ਸਟੋਰ ਕੀਪਰ, ਇਲੈਕਟ੍ਰੀਸ਼ਨ ਆਦਿ।

ਗੱਲ ਯਾਦ ਆ ਗਈ ਇੱਕ, ਸਟੋਰ ਕੀਪਰ ਦਾ ਨਾਮ ਸ਼ਾਇਦ ਫਲੇਲ ਸਿੰਘ ਸੀ ਤੇ ਇਲੈਕਟ੍ਰੀਸ਼ਨ ਦਾ ਨਾਮ ਅਸੀਂ ਬਘੇਲ ਸਿੰਘ ਰੱਖਿਆ ਸੀ। ਕੰਮ ਕਰਨ ਵੇਲੇ ਦੋਵੇਂ ਹੀ ਲਾਰੇ ਬਹੁਤ ਲਾਉਂਦੇ ਸੀ। ਉਹਨਾਂ ਵੇਲਿਆਂ 'ਚ ਇੱਕ ਤਰ੍ਹਾਂ ਦੀ ਕਹਾਵਤ ਮਸ਼ਹੂਰ ਸੀ ਉਹਨਾਂ ਲਈ:
"ਬਘੇਲਾ-ਫਲੇਲਾ ਦੋ ਸਕੇ ਭਰਾ,
ਲਾਰੇ ਲਾਉਂਦੇ ਅੰਨ੍ਹੇ ਵਾਹ"

ਤਸਵੀਰਾਂ: - 1994 - 2001 Batch


1994 : A Trip To Aasa Khera ਆਸਾ ਖੇੜਾ ਦੀ ਸੈਰ

ਕਹੋ ਤਾਂ ਸਾਰਿਆਂ ਦੇ ਨਾਮ ਵੀ ਦੱਸ ਦੇਵਾਂ।